29/07/2025
ਪੀ.ਐਚ.ਡੀ ਕਰਨ ਅਤੇ ਪ੍ਰੋਫੈਸਰ ਬਣਨ ਦਾ ਟੀਚਾ ਮਿਥਿਆ
ਬੁਢਲਾਡਾ ()- ਮਜ਼ਦੂਰ ਪਰਿਵਾਰ ਇੱਕ ਗ੍ਰੰਥੀ ਦੀਆਂ ਤਿੰਨ ਧੀਆਂ ਨੇ ਮਈ-2025 ਵਿੱਚ ਹੋਈ ਯੂ.ਜੀ.ਸੀ ਦੀ ਪ੍ਰੀਖਿਆ ਵਿੱਚੋਂ 53ਵਾਂ ਅਤੇ ਕ੍ਰਮਵਾਰ ਸਥਾਨ ਲਿਆ ਹੈ। ਤਿੰਨੋਂ ਭੈਣਾਂ ਨੇ ਇਹ ਪ੍ਰੀਖਿਆ ਪਾਸ ਕਰਕੇ ਭਵਿੱਖ ਵਿੱਚ ਪੀ.ਐਚ.ਡੀ ਕਰਨ ਅਤੇ ਪ੍ਰੋਫੈਸਰ ਬਣਨ ਦਾ ਟੀਚਾ ਮਿਥਿਆ ਹੈ। ਇਹ ਦਿਨੋਂ ਲੜਕੀਆਂ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਕਸਬੇ ਦੀਆਂ ਰਹਿਣ ਵਾਲੀਆਂ ਹਨ। ਪਰਿਵਾਰ ਦੇ ਆਰਥਿਕ ਹਲਾਤ ਬਹੁਤੇ ਸੌਖੇ ਨਹੀਂ ਹਨ। ਬੁਢਲਾਡਾ ਦੇ ਗ੍ਰੰਥੀ ਬਿੱਕਰ ਸਿੰਘ ਦੀਆਂ ਤਿੰਨ ਧੀਆਂ ਰਿੰਪੀ ਕੌਰ, ਬੇਅੰਤ ਕੌਰ ਅਤੇ ਹਰਦੀਪ ਕੌਰ ਨੇ ਮਈ ਮਹੀਨੇ ਵਿਖੇ ਹੋਈ ਯੂ.ਜੀ.ਸੀ ਦੀ ਪ੍ਰੀਖਿਆ ਵਿੱਚੋਂ 53ਵਾਂ ਅਤੇ ਕ੍ਰਮਵਾਰ ਰੈਂਕ ਹਾਸਲ ਕੀਤਾ ਹੈ। ਬੇਅੰਤ ਕੌਰ ਨੇ ਦੱਸਿਆ ਕਿ ਬਚਪਨ ਤੋਂ ਹੀ ਉਨ੍ਹਾਂ ਨੂੰ ਪੜਨ ਅਤੇ ਪ੍ਰੋਫੈਸਰ ਬਣਨ ਦਾ ਸ਼ੌਂਕ ਹੈ। ਇਸੇ ਸ਼ੌਂਕ ਨੂੰ ਮੁੱਖ ਰੱਖਕੇ ਤਿੰਨੇ ਭੈਣਾਂ ਨੇ ਇਹ ਪ੍ਰੀਖਿਆ ਦਿੱਤੀ, ਜਿਸ ਦਾ ਨਤੀਜਾ ਕਰੀਬ ਇੱਕ ਹਫ਼ਤੇ ਪਹਿਲਾਂ ਹੀ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਮਾਪੇ ਮਜ਼ਦੂਰ ਅਤੇ ਘੱਟ ਪੜ੍ਹੇ ਲਿਖੇ ਹਨ, ਪਰ ਉਨ੍ਹਾਂ ਸਦਾ ਹੀ ਆਪਣੀਆਂ ਧੀਆਂ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ, ਜਿਸ ਸਦਕਾ ਅੱਜ ਉਹ ਯੂ.ਜੀ.ਸੀ ਦੀ ਵੇਕਾਰੀ ਪ੍ਰੀਖਿਆ ਵਿਚੋਂ ਦੇਸ਼ ਭਰ 'ਚੋਂ 53ਵੇਂ ਅਤੇ ਉਚੇ ਰੈਂਕ ਹਾਸਲ ਕਰ ਸਕੀਆਂ ਹਨ। ਬੇਅੰਤ ਕੌਰ ਨੇ ਦੱਸਿਆ ਕਿ ਤਿੰਨ ਭੈਣਾਂ ਪ੍ਰੋਫੈਸਰ ਬਣਨਾ ਚਾਹੁੰਦੀਆਂ ਹਨ ਅਤੇ ਹੁਣ ਉਨ੍ਹਾਂ ਨੇ ਜੇ.ਆਰ.ਐਫ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਜਿਸ ਤੋਂ ਬਾਅਦ ਉਹ ਪੀ.ਐਚ.ਡੀ ਨਾਲ ਮੱਥਾ ਲਾਉਣਗੀਆਂ। ਉਨ੍ਹਾਂ ਦੱਸਿਆ ਕਿ ਆਸ ਹੈ ਕਿ ਤਿੰਨੋਂ ਭੈਣਾਂ ਪੀ.ਐਚ.ਡੀ ਵੀ ਇਕੱਠੀਆ ਹੀ ਕਰਨਗੀਆਂ। ਉਨ੍ਹਾਂ ਦੀ ਮਾਤਾ ਮਨਜੀਤ ਕੌਰ ਖੇਤ ਮਜ਼ਦੂਰ ਹੈ, ਵੱਡਾ ਭਰਾ ਮੱਖਣ ਸਿੰਘ ਕਿਸੇ ਬਿਮਾਰੀ ਤੋਂ ਬਾਅਦ ਆਪਣੀ ਪੜ੍ਹਾਈ ਛੱਡ ਚੁੱਕਿਆ ਹੈ। ਪਿਤਾ ਬਿੱਕਰ ਸਿੰਘ ਗ੍ਰੰਥੀ ਹਨ, ਇਸੇ ਵਿੱਚ ਹੀ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ। ਗ੍ਰੰਥੀ ਬਿੱਕਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਧੀਆਂ ਦੀ ਇਸ ਪ੍ਰਾਪਤੀ ‘ਤੇ ਮਾਣ ਹੈ, ਬੇਸ਼ੱਕ ਉਹ ਜ਼ਿਆਦਾ ਪੜ੍ਹ-ਲਿਖ ਨਹੀਂ ਸਕੇ, ਪਰ ਧੀਆਂ ਨੇ ਜਦੋਂ ਪੜ੍ਹ-ਲਿਖਕੇ ਇਹ ਪ੍ਰੀਖਿਆ ਪਾਸ ਕੀਤੀ ਹੈ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ।