20/02/2026
ਸਾਕਾ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਕੋਟਿਨ ਕੋਟਿ ਪ੍ਰਣਾਮ
ਭਾਈ ਮੰਗਲ ਸਿੰਘ ਜੀ ਕਿਰਪਾਨ ਬਹਾਦਰ (ਰੰਘਰੇਟੇ ਗੁਰੂ ਕੇ ਬੇਟੇ)
ਭਾਈ ਮੰਗਲ ਸਿੰਘ ਜੀ ਕਿਰਪਾਨ ਬਹਾਦਰ ਦਾ ਜਨਮ ਸੰਨ 1895 ਈਸਵੀ ਵਿੱਚ ਉੱਦੋਕੇ ਜ਼ਿਲ੍ਹਾ ਕੁੱਖੋਂ ਭਾਈ ਰੱਤਾ ਜੀ ਦੇ ਘਰ ਮਜ਼੍ਹਬੀ ਸਿੱਖ ਸਿੱਖ ਘਰਾਣੇ ਵਿੱਚ ਹੋਇਆ। ਛੋਟੀ ਉਮਰੇ ਹੀ ਮਾਪੇ ਚੜ੍ਹਾਈ ਕਰ ਗਏ ਅਤੇ ਆਪ ਨੂੰ ਕਈ ਥਾਈ ਦ-ਦਰ ਰੁਲ ਕੇ ਧੱਕੇ-ਧੋਹੜੇ ਖਾਣੇ ਪਏ। ਜਦ ਏਸ ਤਰ੍ਹਾਂ ਯਤੀਮੀ ਦੀ ਹਾਲਤ ਵਿੱਚ ਰੁਲਦਿਆਂ -ਖੁਲਦਿਆਂ ਆਪ ਨੇ ਹੋਰ ਸੰਭਾਲੀ ਤਾਂ ਆਪ ਨੂੰ ਸ਼ਬਦ ਪੜ੍ਹਨ ਦਾ ਬਹੁਤ ਸ਼ੌਕ ਹੋ ਗਿਆ। ਆਪ ਦਿਲ ਆਵਾਜ਼ ਨਾਲ ਬੜੀ ਲਟਕ ਵਿੱਚ ਮਸਤ ਹੋ ਕੇ ਹੱਲੇ ਦੇ ਸ਼ਬਦ ਪੜ੍ਹਿਆ ਕਰਦੇ ਸਨ। ਮਿੱਠਾ ਤੇ ਸੁਰੀਲਾ ਕੀਰਤਨ ਸੁਣ ਕੇ ਸ੍ਰੋਤਿਆਂ ਨੇ ਅਸਚਰਜਤਾ ਦੇ ਘਰ ਪੁੱਜ ਕੇ ਮਗਨ ਹੋ ਕੇ ਗੁੱਟ ਹੋ ਜਾਇਆ ਕਰਨਾ। ਪਰਮਾਤਮਾ ਦੀਆਂ ਬਖਸ਼ਿਸ਼ਾਂ ਵੀ ਬੇਅੰਤ ਤੇ ਅਨੋਖੀਆਂ ਹਨ। ਗ਼ਰੀਬਾਂ ਤੇ ਯਤੀਮਾਂ ਨੂੰ ਸ਼ਹੀਦੀ ਦਰਜੇ ਦੇ ਕੇ ਪੰਥ ਦਾ ਸਿਰਤਾਜ ਬਣਾ ਦੇਣਾ, ਇਹ ਉਸੇ ਦੇ ਹੀ ਅਲੌਕਿਕ ਕੌਤਕ ਹਨ। ਕੱਲ੍ਹ ਜਿਨ੍ਹਾਂ ਦੇ ਨਾਮ ਲੈਣ ਤੋਂ ਵੀ ਕਈ ਭੁੱਲੜ ਵੀਰ ਝਿਜਕਦੇ ਸਨ, ਅੱਜ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਰਕਤ ਦਾ ਸਦਕਾ ਸਭ ਸਿੱਖ ਮਿਲ ਕੇ ਦੋਹਾਂ ਵੇਲਿਆਂ ਦੀ ਅਰਦਾਸ ਵਿੱਚ ਸ਼ਰਧਾ ਤੇ ਪ੍ਰੇਮ ਨਾਲ ਉਨ੍ਹਾਂ ਦੇ ਨਾਮ ਲੈ ਕੇ ਸਿਰ ਝੁਕਾਅ ਦਿੰਦੇ ਹਨ। ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਲਈ ਕਿਸੇ ਗੁਰਸਿੱਖ ਦੀ ਉਹ ਜੋਦੜੀ ਜਾਂ ਅਰਦਾਸ ਸਤਿਗੁਰਾਂ ਦੀ ਹਜ਼ੂਰੀ ਵਿੱਚ ਪ੍ਰਵਾਨ ਨਹੀਂ ਹੁੰਦੀ ਜਿਸ ਵਿੱਚ ਆਪ ਜੈਸੇ "ਧਰਮ ਬੀਰ ਸ਼ਹੀਦਾਂ " ਦਾ ਨਾਮ ਲੈ ਕੇ ਤਰਲਾ ਜਾਂ ਵਾਸਤਾ ਨਹੀਂ ਪਾਇਆ ਜਾਂਦਾ।
ਆਪ ਦੀ ਉਮਰ ਅਜੇ ਮਸਾ ਮਸਾ ਦਸਾਂ ਕੂ ਸਾਲਾਂ ਦੀ ਸੀ ਜੋ ਇਕ ਦੀਵਾਨ ਵਿੱਚ ਮਨਮੋਣੀ ਦੇ ਸੁਰੀਲੀ ਆਵਾਜ਼ ਨਾਲ ਸ਼ਬਦ ਪੜ੍ਹਦਿਆਂ ਭਾਈ ਲਛਮਣ ਸਿੰਘ ਜੀ ਜਥੇਦਾਰ ਧਾਰੋਵਾਲੀ ਨਾਲ ਮੇਲ ਹੋ ਗਿਆ। ਇਹ ਹੁਣ ਹੋਣਹਾਰ ਨਿਰਛਲ ਕਿਰਤੀ ਬੱਚੇ ਨੂੰ ਵੇਖ ਕੇ ਆਪ ਦਾ ਮਨ ਮੋਹਿਆ ਗਿਆ। ਦੀਵਾਨ ਦੀ ਸਮਾਪਤੀ ਤੇ ਇਸ ਭੋਲੇ ਭਾਲੇ ਮਸੂਮ ਬੱਚੇ ਨੂੰ ਵੱਖਰਿਆਂ ਕਰਕੇ ਸਾਰਾ ਹਾਲ-ਚਾਲ ਪੁੱਛਿਆ ਕਿ ਕਾਕਾ ਤੂੰ ਬੜਾ ਮਿੱਠਾ ਰਸੀਲਾ ਕੀਰਤਨ ਕਰਦਾ ਏਂ। ਤੇਰੇ ਮਾਪੇ ਬੜੇ ਭਾਗਾਂ ਵਾਲੇ ਹਨ ਜਿਨ੍ਹਾਂ ਦਾ ਤੂੰ ਪੁੱਤਰ ਹੈਂ। ਤੂੰ ਤਾਂ ਉਨ੍ਹਾਂ ਦੇ ਨਾਮ ਨੂੰ ਇਹ ਜਸ ਤੇ ਸੋਭਾ ਦਿਵਾ ਰਿਹਾ ਹੈਂ। ਇਸ ਦੇ ਜਵਾਬ ਵਿੱਚ ਇਹ ਯਤੀਮ ਬੱਚਾ ਹੰਝੂ ਭਰੀਆਂ ਅੱਖਾਂ ਨਾਲ ਬੱਬੋਲਿੱਕਾ ਜਿਹਾ ਹੋ ਕੇ ਫੁਟ ਪਿਆ ਅਤੇ ਆਪਣੀ ਸਾਰੀ ਦੁੱਖਾਂ ਭਰੀ ਕਹਾਣੀ ਸੁਣਾ ਦਿੱਤੀ ਅੰਤ ਵਿੱਚ ਆਖਿਆ, "ਮੈਂ ਨਿਆਸਰਾ ਹਾਂ, ਕੋਈ ਥਾਂ ਟਿਕਾਣਾ ਨਹੀਂ, ਪਰ ਦਿਲ ਵਿੱਚ ਸਿੱਖੀ ਲਈ ਡਾਢੇ ਉਬਾਲ ਉੱਠਦੇ ਹਨ। ਸਿਵਾਏ ਉਸ ਕਲਗੀਆਂ ਵਾਲੇ ਦਾਤਾਰ ਤੇ ਦੁਨੀਆਂ ਵਿੱਚ ਮੈਨੂੰ ਹੋਰ ਕਿਸੇ ਦਾ ਆਸਰਾ-ਪਾਸਰਾ ਨਹੀਂ ਹੈ।" ਇਹ ਦੁੱਖ ਭਰੀ ਵਾਰਤਾ ਸੁਣ ਕੇ ਜਥੇਦਾਰ ਸਾਹਿਬ ਵੀ ਕਰੁਣਾ ਰਸ ਵਿੱਚ ਆ ਗਏ ਤੇ ਆਪ ਦੇ ਦਿਲ ਉੱਤੇ ਇਸ ਕਾਕੇ ਦੀ ਦੁੱਖਾਂ-ਭਰੀ ਕਹਾਣੀ ਸੁਣ ਕੇ ਬਹੁਤ ਡੂੰਘਾ ਅਸਰ ਹੋਇਆ ਆਖਣ ਲੱਗੇ, "ਜੀਉਣ ਜੋਗਿਆ, ਤੂੰ ਕੋਈ ਫ਼ਿਕਰ ਨਾ ਕਰ, ਮੇਰੇ ਨਾਲ ਸਾਡੇ ਘਰ ਚੱਲ, ਤੈਨੂੰ ਮਾਪਿਆਂ ਦੀ ਭੁੱਖ ਹੈ ਤੇ ਸਾਨੂੰ ਸੰਤਾਨ ਨਾ ਹੋਣ ਦਾ ਦੁੱਖ ਹੈ। ਮੈਂ ਅੱਜ ਤੋਂ ਤੈਨੂੰ ਆਪਣਾ ਧਰਮ-ਪੁੱਤਰ ਬਣਾਉਂਦਾ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮੇਹਰ ਕਰਨ ਤੇ ਸਾਡੇ ਦੋਹਾਂ ਦੇ ਹੀ ਦੁੱਖ ਦੂਰ ਹੋ ਜਾਣ।"
ਭੁਝੰਗੀ ਮੰਗਲ ਸਿੰਘ ਨੇ ਇਹ ਗੱਲ ਖੁਸ਼ੀ-ਖੁਸ਼ੀ ਮਨ ਲਈ ਤੇ ਇਨ੍ਹਾਂ ਦੇ ਨਾਲ ਹੀ ਉਸੇ ਦਿਨ ਤੋਂ ਧਾਰੋਵਾਲੀ ਆ ਕੇ ਰਹਿਣ ਬਹਿਣ ਲੱਗ ਪਏ।
ਇਥੇ ਆਉਂਦਿਆ ਹੀ ਆਪ ਨੂੰ ਚੰਗੀ ਗੁਰਮੁਖੀ ਵਿਦਿਆ ਪੜ੍ਹਾਈ ਗਈ। ਜਵਾਨ ਹੋਣ 'ਤੇ ਬੜੇ ਉਤਸ਼ਾਹ ਤੇ ਮਿਹਨਤ ਨਾਲ ਵਾਹ-ਜੋਤੀ ਦਾ ਕੰਮ ਕਰਨ ਲੱਗ ਪਏ। ਸੰਨ1913 ਈਸਵੀ ਵਿੱਚ ਸੈਂਟਰਲ ਖਾਲਸਾ ਮਾਝਾ ਦੀਵਾਨ ਪਾਸੋਂ ਅੰਮ੍ਰਿਤ ਛੱਕ ਕੇ ਤਿਆਰ-ਬਰ-ਤਿਆਰ ਸਿੰਘ ਸਜ ਗਏ । ਗੁਰੂ ਘਰ ਦੀ ਪੂਰੀ-ਪੂਰੀ ਸਿੱਖਿਆ ਪ੍ਰਾਪਤ ਕਰ ਲਈ। ਰਾਤ ਦਿਨ ਇੱਕ ਕਰਕੇ ਬਹੁਤ ਸਾਰੀ ਗੁਰਬਾਣੀ ਕੰਠ ਕਰ ਲਈ। ਆਪ ਗੁਰਸਿੱਖੀ ਦੀ ਰਹਿਤ-ਬਹਿਤ ਵਿੱਚ ਇੰਨੇ ਪ੍ਰਪੱਕ ਸਨ ਕਿ ਜਦੋਂ ਕਦੀ ਇਲਾਕੇ ਵਿੱਚ ਅੰਮ੍ਰਿਤ-ਪ੍ਰਚਾਰ ਹੁੰਦਾ, ਆਪ ਨੂੰ ਚੁਣ ਕੇ ਸੰਗਤ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਕਰਿਆ ਕਰਦੀ ਸੀ। ਆਪ ਦਾ ਸਮੁੱਚਾ ਜੀਵਨ ਸਿੱਖੀ ਦਾ ਇੱਕ ਉੱਚੇ ਦਰਜੇ ਦਾ ਨਮੂਨਾ ਸੀ।
ਫ਼ੌਜ ਵਿੱਚ ਭਰਤੀ ਹੋਣਾ
ਆਪ ਜੀ ਨੂੰ ਧਾਰੋਵਾਲੀ ਰਹਿੰਦਿਆਂ ਕੁਝ ਸਮਾਂ ਗੁਜ਼ਰ ਗਿਆ, ਤਾਂ ਆਪ ਦੇ ਦਿਲ ਵਿੱਚ ਫ਼ੌਜੀ ਨੌਕਰੀ ਕਰਨ ਦਾ ਚਾੱ ਉਪਜ ਪਿਆ। ਆਪਣੇ ਧਰਮ-ਪਿਤਾ ਨੂੰ ਆਖਣ ਲੱਗੇ ਕਿ ਬਾਪੂ ਜੀ, ਮੇਰਾ ਚਿੱਤ ਕਰਦਾ ਹੈ ਕਿ ਫ਼ੌਜ ਵਿੱਚ ਭਰਤੀ ਹੋ ਕੇ ਸ਼ਸਤ੍ਰ ਚਲਾਉਣੇ ਸਿੱਖਾਂ । ਤੁਸੀਂ ਕਿਸੇ ਦਿਨ ਚੱਲ ਕੇ ਮੈਨੂੰ ਫ਼ੌਜ ਵਿੱਚ ਨੌਕਰ ਕਰਵਾ ਆਓ। ਆਪ ਦੇ ਧਰਮ-ਪਿਤਾ ਜੀ ਨੇ ਸੰਨ1915 ਈਸਵੀ ਵਿੱਚ ਲਾਹੌਰ ਜਾ ਕੇ ਪਲਟਨ ਨੰਬਰ 32/2 ਵਿੱਚ ਭਰਤੀ ਕਰਵਾ ਦਿੱਤਾ। ਆਪ ਨੂੰ ਗੁਰਸਿੱਖੀ ਦੀ ਅਜਿਹੀ ਪਾਣ ਚੜ੍ਹੀ ਹੋਈ ਸੀ ਕਿ ਪੰਜ ਕਕਾਰ ਦੀ ਧਾਰਨਾ ਵਿੱਚ ਕਦੇ ਵਿਘਨ ਨਹੀਂ ਪੈਣ ਦਿੱਤਾ ਸੀ, ਕਿਉਂਕਿ ਆਪ ਦੀ ਸੰਗਤ ਸਿੱਖੀ ਦੇ ਕੱਟੜ ਜਥੇ ਸੰਟ੍ਰਲ ਖਾਲਸਾ ਮਾਝਾ ਦੀਵਾਨ ਨਾਲ ਬਹੁਤ ਚਿਰ ਰਹੀ ਸੀ। ਆਪ ਦਾ ਮਨ ਇਸ ਗੁਰਸਿੱਖੀ ਦੀ ਟਕਸਾਲ ਵਿੱਚ ਅਜਿਹਾ ਢਲ ਚੁੱਕਾ ਹੋਇਆ ਸੀ ਕਿ ਆਪ ਦਾ ਕ੍ਰਿਪਾਨ ਨਾਲ ਦਿਲੋਂ ਡਾਹਢਾ ਪਿਆਰ ਸੀ ਤੇ ਹਰ ਵਕਤ ਫ਼ੌਜ ਦੀ ਨੌਕਰੀ ਸਮੇਂ ਵੀ ਕੱਪੜਿਆਂ ਦੇ ਥੱਲੇ ਇਸ ਨੂੰ ਗਾਤਰੇ ਰੱਖਦੇ ਸਨ। ਆਪ ਦੀ ਨੌਕਰੀ ਨੂੰ ਪੂਰੇ ਦੋ ਸਾਲ ਹੋ ਗਏ ਸਨ, ਪਰ ਇਸ ਸਮੇਂ ਵਿੱਚ ਕ੍ਰਿਪਾਨ ਕਦੇ ਅੰਗ ਤੋਂ ਜੁਦਾ ਨਹੀਂ ਕੀਤੀ ਸੀ।
ਗੁਰਦੁਆਰੇ ਜਾਣਾ ਤੇ ਸਿੰਘਾਂ ਨੂੰ ਰਹਿਤ-ਬਹਿਤ ਵਿੱਚ ਪ੍ਰਪੱਕ ਰਹਿਣ ਦਾ ਬੜਾ ਖੜਕੇਦਾਰ ਪ੍ਰਚਾਰ ਕਰਨਾ। ਪਲਟਨ ਵਿੱਚ ਆਪ ਦੀ ਜ਼ਿੰਦਗੀ ਦਾ ਬੜਾ ਡੂੰਘਾ ਪ੍ਰਭਾਵ ਸੀ। ਉਥੇ ਆਮ ਲੋਕੀ ਆਪ ਨੂੰ ਕੱਟੜ ਸਿੰਘ ਸਫੀਆ ਤੇ ਦ੍ਰਿੜ ਵਿਸ਼ਵਾਸੀ ਸਿੱਖ ਦੇ ਨਾਮ ਨਾਲ ਪੁਕਾਰਿਆ ਕਰਦੇ ਸਨ। ਇਕ ਦਿਨ ਸੁਭਾਵਿਕ ਕਮਾਨ-ਅਫਸਰ ਨੇ ਪਰੇਡ ਸਮੇਂ ਆਪ ਦੀ ਕਿਰਪਾਨ ਕੁਟਤੇ ਦੇ ਥੱਲਿਓਂ ਨੰਗੀ ਹੋਈ ਵੇਖ ਲਈ ਤਾਂ ਹੁਕਮ ਦਿੱਤਾ ਕਿ ਬਾਹਰ ਦਾ ਹਥਿਆਰ ਪਹਿਨਣਾ ਫ਼ੌਜੀ ਕਾਨੂੰਨ ਦੇ ਵਿਰੁੱਧ ਹੈ, ਇਸ ਨੂੰ ਫੌਰਨ ਉਤਾਰ ਦਿੱਤਾ ਜਾਵੇ ਪਰ ਆਪ ਨੇ ਨਿੱਧੜਕ ਹੋ ਕੇ ਉੱਤਰ ਦਿੱਤਾ ਕਿ ਇਹ ਮੇਰੇ ਗੁਰੂ ਕਲਗੀਆਂ ਵਾਲੇ ਦੀ ਦਾਤ ਹੈ ,ਮੇਰੀ ਜਾਨ ਹੈ ਸਦਾ ਮੇਰੇ ਅੰਗ-ਸੰਗ ਰਹੇਗੀ ਤੇ ਮੇਰਾ ਸੀਸ ਉਤਰਨ ਤੋਂ ਪਹਿਲਾਂ ਨਹੀਂ ਉਤਰੇਗੀ। ਪਲਟਨ ਦੇ ਹੋਰ ਅਫ਼ਸਰਾਂ ਤੇ ਸਿਪਾਹੀਆਂ ਨੇ ਵੀ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਆਪ ਨੇ ਸਾਫ਼ ਇਸ ਧਰਮ-ਵਿਰੁੱਧ ਹੁਕਮ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ। ਸਾਹਿਬ ਨੂੰ ਬੜੀ ਸਿਆਣਪ ਨਾਲ ਅਤੇ ਦਲੇਰੀ ਨਾਲ ਇਹ ਗੱਲ ਸਮਝਾਈ ਕਿ ਕ੍ਰਿਪਾਨ ਸਿੰਘਾਂ ਦਾ ਮਜ਼ਹਬੀ ਨਿਸ਼ਾਨ ਹੈ, ਕੋਈ ਅੰਮ੍ਰਿਤਧਾਰੀ ਤਿਆਰ-ਬਰ-ਤਿਆਰ ਸਿੰਘ ਇਸ ਨੂੰ ਜਿਉਂਦੇ-ਜੀ ਆਪਣੇ ਤਨ ਨਾਲੋਂ ਜੁਦਾ ਨਹੀਂ ਕਰ ਸਕਦਾ।
ਦੂਜੇ ਝੋਲੇ-ਚੁਕਾਂ ਨੇ ਵੀ ਸੱਚ ਪਿੱਛੇ ਆਵਾਜ਼ ਦੇਣ ਦੀ ਥਾਂ ਰੋਟੀ ਪਿੱਛੇ ਆਪਣੇ ਧਰਮ-ਕਰਮ ਨੂੰ ਸਿੱਕੇ 'ਤੇ ਰੱਖ ਕੇ ਸਾਹਿਬ ਦੀਹਾਂ ਨਾਲ ਹਾਂ ਮਿਲਾਈ। ਉਂਝ ਵੀ ਕਾਨੂੰਨ ਹਾਕਮਾਂ ਦੇ ਹੱਥ ਹੀ ਹੁੰਦੇ ਹਨ ।ਫੇਰ ਇੱਕ ਫ਼ੌਜੀ ਅਫ਼ਸਰ ਲੜਾਈ ਦੇ ਸਮੇਂ ਇੱਕ ਸਿਪਾਹੀ ਦਾ ਇਹ ਉੱਤਰ ਕਿਵੇਂ ਸਹਾਰ ਸਕੇ।
ਸਾਹਿਬ ਇਹ ਗੱਲਾਂ ਸੁਣ ਕੇ ਅੱਗ-ਬਗੋਲਾ ਹੋ ਗਿਆ। ਫ਼ੌਜੀ ਕਾਨੂੰਨ ਅਨੁਸਾਰ ਹੁਕਮ-ਅਦੂਲੀ ਵਿੱਚ ਆਪਦਾ ਕੋਟ-ਮਾਰਸ਼ਲ ਕੀਤਾ ਗਿਆ। ਇਸ ਸਮੇਂ ਦੇ ਗਏ-ਗੁਜਰੇ ਤੇ ਨਿੱਘਰੇ ਹੋਏ ਗ੍ਰੰਥੀ ਸਿੰਘ ਨੇ ਵੀ ਇਹ ਗਵਾਹੀ ਦੇ ਦਿੱਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਗਾਤ੍ਰੇ ਵਾਲੀਆਂ ਲੰਮੀਆਂ ਕ੍ਰਿਪਾਨਾਂ ਪਹਿਨਣ ਦਾ ਕੋਈ ਹੁਕਮ ਨਹੀਂ ਹੈ । ਆਪ ਨੂੰ ਇਸ ਮੁਕੱਦਮੇ ਵਿੱਚ ਇੱਕ ਸਾਲ ਕੈਦ ਦੀ ਸਜ਼ਾ ਹੋ ਗਈ। ਜਿਸ ਨੂੰ ਆਪਣੇ ਹੰਸੂ-ਹਸੂ ਕਰਦਿਆਂ ਖਿੜੇ-ਮੱਥੇ ਪ੍ਰਵਾਨ ਕੀਤਾ। ਇਸ ਦੇ ਪਿੱਛੇ ਛੇਤੀ ਹੀ ਸਿੱਖਾਂ ਵੱਲੋਂ ਕ੍ਰਿਪਾਨ ਦੀ ਆਜ਼ਾਦੀ ਲਈ ਐਜੀਟੇਸ਼ਨ ਸ਼ੁਰੂ ਹੋ ਗਈ, ਜਿਸ ਦੇ ਕਾਰਨ ਆਪ ਨੂੰ ਛੇ ਮਹੀਨੇ ਸਜ਼ਾ ਭੁਗਤਣ ਪਿੱਛੋਂ ਹੀ ਸਰਕਾਰ ਨੇ ਰਿਹਾ ਕਰ ਦਿੱਤਾ।
ਕ੍ਰਿਪਾਨ ਬਹਾਦਰ ਦਾ ਖਿਤਾਬ ਮਿਲਣਾ
ਆਪ ਨੂੰ ਸਿਆਲਕੋਟੋਂ ਜਦ ਛੇ ਮਹੀਨੇ ਸਜ਼ਾ ਭੁਗਤਨ ਪਿੱਛੋਂ ਰਿਹਾ ਕੀਤਾ ਗਿਆ ਤਾਂ ਸੰਗਤ ਨੇ ਸਾਰੇ ਸ਼ਹਿਰ ਵਿੱਚ ਆਪ ਦਾ ਬੜਾ ਭਾਰਾ ਜਲੂਸ ਕੱਢਿਆ ਤੇ ਗੁਰਦੁਆਰਾ ਬਾਬੇ ਦੀ ਬੇਰ ਦੇ ਭਰੇ ਦੀਵਾਨ ਵਿੱਚ ਆਪ ਦੇ ਧਾਰਮਕ ਭਾਵਾਂ ਦੀ ਪ੍ਰਸੰਸਾ ਕੀਤੀ ਗਈ। ਕਿਰਪਾਨ ਬਦਲੇ ਇਸ ਤਰ੍ਹਾਂ ਦ੍ਰਿੜਤਾ ਨਾਲ ਤਕਲੀਫ਼ਾਂ ਸਹਾਰਣ ਤੇ ਆਪਣੀ ਨੌਕਰੀ ਦੀ ਕੋਈ ਪਰਵਾਹ ਨ ਕਰਨ ਦੀ ਕੁਰਬਾਨੀ ਨੂੰ ਸਾਹਮਣੇ ਰੱਖਦਿਆਂ ਹੋਇਆਂ ਆਪ ਨੂੰ ਪੰਥ ਵੱਲੋਂ "ਕ੍ਰਿਪਾਨ ਬਹਾਦਰ" ਦਾ ਖ਼ਿਤਾਬ ਦਿੱਤਾ ਗਿਆ ਅਤੇ ਪੰਚ ਖਾਲਸਾ ਦੀਵਾਨ ਭਸੌੜ ਵੱਲੋਂ 7) ਰੁਪਏ ਮਹੀਨਾ ਕ੍ਰਿਪਾਨ ਬਹਾਦਰੀ ਦੀ ਪੈਨਸ਼ਨ ਲਾਈ ਗਈ। ਆਪ ਦੀ ਇਸ ਪਹਿਲੀ ਨਿਰਾਲੀ ਕੁਰਬਾਨੀ ਨੇ ਸਾਰੇ ਪੰਥ ਵਿੱਚ ਆਪ ਦੀ ਸ਼ੋਭਾ ਬਹੁਤ ਵਧਾ ਦਿੱਤੀ। ਪੰਥਕ ਅਖਬਾਰਾਂ ਵਿੱਚ ਆਪ ਦੀ ਵਡਿਆਈ ਤੇ ਪ੍ਰਸ਼ੰਸਾ ਵਿੱਚ ਬਹੁਤ ਸਾਰੇ ਲੇਖ ਨਿਕਲੇ। ਆਪ ਸਿਆਲਕੋਟੋਂ ਚੱਲ ਕੇ ਸਿੱਧੇ ਧਾਰੋਵਾਲੀ ਆ ਗਏ। ਇਸ ਕੁਰਬਾਨੀ ਦੀ ਇੱਜ਼ਤ ਕਰਦਿਆਂ ਹੋਇਆਂ ਭਾਈ ਬੂਟਾ ਸਿੰਘ ਜੀ ਰੰਗੜ ਨੰਗਲ ਨੇ ਆਪਣੀ ਸਪੁੱਤਰੀ ਬੀਬੀ ਨਰੈਣ ਕੌਰ ਦਾ ਆਪ ਨਾਲ ਨਾਤਾ ਕਰ ਦਿੱਤਾ। ਭਾਈ ਲਛਮਣ ਸਿੰਘ ਜੀ ਨੇ ਬੜੀ ਧੂਮ-ਧਾਮ ਨਾਲ ਆਪ ਦੀ ਸ਼ਾਦੀ ਕੀਤੀ। ਦੂਰੋਂ-ਦੂਰੋਂ ਰਾਗੀ ਤੇ ਪ੍ਰਚਾਰਕ ਸੱਦੇ ਗਏ ਅਤੇ ਬੜਾ ਭਾਰੀ ਗੁਰਮਤਿ ਪ੍ਰਚਾਰ ਹੋਇਆ। ਨੂੰਹ ਘਰ ਆ ਗਈ। ਮੁੱਢੋਂ ਹੀ ਜਿਸ ਦਿਨ ਤੇ ਭਾਈ ਮੰਗਲ ਸਿੰਘ ਇਸ ਘਰ ਵਿੱਚ ਆਏ ਸਨ --ਬਿਨਾਂ ਕਿਸੇ ਭਿੰਨ-ਭੇਦ ਯਾ ਵਿਤਕਰੇ ਦੇ ਸਾਰਾ ਪਰਿਵਾਰ ਇੱਕੋ ਚੌਂਕੇ ਵਿੱਚ ਬਹਿ ਕੇ ਇਕੱਠੇ ਪ੍ਰਸ਼ਾਦ ਛਕਿਆ ਕਰਦੇ ਸਨ। ਇਸ ਅਭੇਦਤਾ ਦੇ ਵਰਤਾਰੇ ਨੂੰ ਵੇਖ ਕੇ ਪਹਿਲਾਂ ਪਹਿਲਾਂ ਤਾਂ ਪਿੰਡ ਦੇ ਪੁਰਾਤਨ-ਖਿਆਲੀਏ ਬੜੇ ਔਖੇ ਹੋਏ ਤੇ ਨੱਕ-ਮੂੰਹ ਚਾੜ੍ਹਦੇ ਰਹੇ। ਜਿੱਥੇ -ਕਿਤੇ ਬਹਿਣਾ ਇਹੋ ਵਾਧੂ-ਘਾਟੂ-ਗੱਲਾਂ ਕਰਦਿਆਂ ਕਰਿਆ ਰਹਿਆ ਕਰਨਾ,ਪਰ ਪਿੱਛੋਂ ਸਹਿਜੇ-ਸਹਿਜੇ ਭਾਈ ਲਛਮਣ ਸਿੰਘ ਜੀ ਦੇ ਰੋਹਬ-ਦਾਬ ਤੇ ਦਬ-ਦਬੇ ਨਾਲ ਸਭ ਇਕ-ਮਿਕ ਹੋ ਗਏ। ਭਾਈ ਲਛਮਣ ਸਿੰਘ ਜੀ ਦੀ ਇਸ ਬੜੀ ਭਾਰੀ ਹਿੰਮਤ ਦਲੇਰੀ ਤੇ ਕੁਰਬਾਨੀ ਦੀ ਜੋ ਅੱਜ ਤੋਂ 20 ਸਾਲ ਪਹਿਲਾਂ ਇੱਕ ਅਖੌਤੀ ਅਛੂਤ ਬੱਚੇ ਨੂੰ ਘਰ ਲਿਆ ਕੇ ਉਸੇ ਪ੍ਰਵਾਰ ਵਿੱਚੋਂ ਨੂੰਹ ਲਿਆ ਕੇ ਸਾਰੇ ਪਿੰਡ ਨੂੰ ਅਭੇਦ ਵਰਤਾ ਕੇ ਛੂਤ-ਛਾਤ ਦੀ ਬਿਮਾਰੀ ਨੂੰ ਦੂਰ ਕਰ ਦਿੱਤਾ।
ਸ਼ਹੀਦੀ ਲਈ ਤਿਆਰੀ
ਆਪ ਦੇ ਧਰਮ ਪਿਤਾ ਇਸ ਸਮੇਂ ਇਲਾਕੇ ਵਿੱਚ ਗੁਰਦੁਆਰਿਆਂ ਦੇ ਸੁਧਾਰ ਸਬੰਧੀ ਪ੍ਰਚਾਰ ਵਿੱਚ ਸਭ ਤੋਂ ਅੱਗੇ ਵਧ ਕੇ ਇਹ ਹਿੱਸਾ ਲੈ ਰਹੇ ਸਨ, ਤਾਂ ਇਹ ਕਿੱਦਾਂ ਹੋ ਸਕਦਾ ਸੀ ਕਿ ਆਪ ਦਾ ਧਰਮ-ਪੁੱਤਰ ਪਿਛਾਂਹ ਹੋ ਕੇ ਘਰ ਬੈਠਾ ਰਹਿੰਦਾ! ਜਿਸ ਨੇ ਪਿਤਾ ਬਣ ਕੇ ਪਾਲਣਾ ਕੀਤੀ, ਵਿਦਿਆ ਦਿੱਤੀ, ਅਤੇ ਸਿੱਖ ਮੱਤ ਦਿੱਤੀ, ਲਾਡਾਂ ਨਾਲ ਖੁੱਲਾ ਖਵਾਇਆ-ਪਿਆਇਆ ਤੇ ਜਵਾਨਹੋਣ 'ਤੇ ਵਿਆਹਿਆ-ਪਰਨਾਇਆ ਤਾਂ ਫੇਰ ਇਹ ਗੱਲ ਕਿੱਦਾਂ ਬਣ ਸਕਦੀ ਸੀ ਕਿ ਅਜਿਹੀ ਅਲੌਕਿਕ ਸ਼ਹੀਦੀ ਸਮੇਂ ਪਿਤਾ ਨਾਲ ਨਾਲੋਂ ਆਪ ਪਿੱਛੇ ਰਹਿ ਜਾਂਦੇ! ਮਹੰਤ ਨਰੈਣ ਦਾਸ ਦੀਆਂ ਜ਼ੁਲਮੀ ਤਿਆਰੀਆਂ ਸੁਣ ਕੇ ਆਪ ਦੇ ਮੂੰਹ ਤੇ ਲਾਲੀਆਂ ਚੜ੍ਹ ਗਈਆਂ ਤੇ ਆਖਣ ਲੱਗੇ ਮੈਂ ਆਪਣਾ ਜਨਮ ਤਦ ਸਫਲ ਸਮਝਾਂਗਾ ਜਦ ਗੁਰੂ ਨਾਨਕ ਦੇ ਪਵਿੱਤਰ ਦਰ ਉੱਤੇ ਇਹ ਨਿਮਾਣੀ ਜਿੰਦੜੀ ਧਰਮ ਖਾਤਰ ਲੱਗ ਜਾਵੇਗੀ। ਆਪ ਬੜੇ ਜੋਸ਼ੀਲੇ ਅਤੇ ਧਾਰਮਿਕ ਸਪਿਰਟ ਵਾਲੇ ਨੌਜਵਾਨ ਗੁਰਸਿੱਖ ਸਨ, ਤੇ ਮੂੰਹੋਂ ਕੱਢਦੇ, ਪੂਰਾ ਕਰਕੇ ਵਿਖਾ ਦਿੰਦੇ ਸਨ।
ਸਾਕੇ ਤੋਂ ਪਹਿਲਾਂ ਜਦ ਚੂੜਕਾਣੇ ਖਰੇ ਸੌਦੇ ਗੁਰਦੁਆਰੇ ਦਾ ਕਬਜ਼ਾ ਹੋਇਆ ਤਾਂ ਉਸ ਸਮੇਂ ਵੀ ਆਪ ਜਥੇ ਵਿੱਚ ਬੜੀ ਦਲੇਰੀ ਨਾਲ ਸ਼ਾਮਲ ਹੋਏ ਸਨ ਤੇ ਉੱਥੇ ਰਾਤ-ਦਿਨ ਸੇਵਾ ਕਰਦਿਆਂ ਕਦੇ ਥੱਕੇ ਨਹੀਂ ਸਨ।
8 ਫੱਗਣ ਵਾਲੇ ਦਿਨ ਆਪ ਦਾ ਮੁਕਲਾਵਾ ਆਇਆ ਤੇ 9 ਫੱਗਣ ਨੂੰ ਸ਼ਾਮਾਂ ਵੇਲੇ ਜਥਾ ਤਿਆਰ ਹੋ ਪੈਂਦਾ ਹੈ । ਇਸ ਸਮੇਂ ਆਪ ਦੇ ਸੱਸ-ਸਹੁਰਾ ਜੀ ਵੀ ਆਏ ਹੋਏ ਸਨ। ਤੁਰਨ ਸਮੇਂ ਸੱਭੇ ਸਾਕ ਕੂੜਾਵੇ ਵੇਖ ਕੇ ਲੜ ਲੱਗੀ ਬੰਨੀ ਨੇ ਜ਼ਿਦ ਕੀਤੀ ਕਿ ਸਵਾਮੀ ਜੀ ,ਮੈਂ ਵੀ ਸ਼ਹੀਦੀ ਲਈ ਨਾਲ ਹੀ ਜਾਣਾ ਹੈ, ਪਰ ਅਫ਼ਸੋਸ ਕਿ ਬੀਬੀ ਦੇ ਮਾਤਾ-ਪਿਤਾ ਨੇ ਹੱਠ ਕਰ ਕੇ ਉਸਨੂੰ ਰੋਕ ਲਿਆ। ਅਲ੍ਹੜ ਬਾਲੜੀ ਨੇ ਬਥੇਰੇ ਤਰਲੇ ਲਏ ਕਿ ਜਦ ਮੇਰੀ ਸੱਸ ਤੇ ਸਹੁਰਾ ਸ਼ਹੀਦੀ ਲਈ ਜਾ ਰਹੇ ਹਨ ਤਾਂ ਮੈਂ ਘਰ ਬਹਿ ਕੇ ਕੀ ਕਰਨਾ ਹੈ; ਜੇ ਆ ਗਏ ਤਾਂ ਸਭ ਇਕੱਠੇ ਜਿਉਂਦੇ ਆ ਜਾਵਾਂਗੇ, ਨਹੀਂ ਤਾਂ ਇਕੱਠੇ ਸ਼ਹੀਦੀ ਬੇੜੇ 'ਤੇ ਚੜ੍ਹ ਜਾਵਾਂਗੇ! ਪਰ ਆਪ ਦੀਆਂ ਫਰਿਆਦਾਂ ਤੇ ਤਰਲੇ ਕਿਸੇ ਦੇ ਦਿਲ 'ਤੇ ਕੋਈ ਅਸਰ ਨਾ ਕਰ ਸਕੇ!
ਇਸ ਤੋਂ ਬਿਨਾਂ ਭਾਈ ਮੰਗਲ ਸਿੰਘ ਜੀ ਨੂੰ ਵੀ ਆਪ ਦੇ ਸੱਸ-ਸਹੁਰੇ ਨੇ ਵੀ ਰੋਕਣ ਲਈ ਬੜੇ ਯਤਨ ਕੀਤੇ ਪਰ ਜਿਸ ਸੂਰਬੀਰ ਯੋਧੇ ਦਾ ਧਰਮ ਪਿਤਾ ਤੇ ਮਾਤਾ ਅੱਜ ਮਰਦੇ-ਮੈਦਾਨ ਹੋ ਕੇ ਸ਼ਹੀਦੀ ਜੰਝ ਦੇ ਮੋਹਰੀ ਬਣੇ ਹੋਣ ਤੇ ਸ਼ਹੀਦੀ ਫ਼ੌਜਾਂ ਆਪ ਨੂੰ ਆਪਣਾ ਜਥੇਦਾਰ ਥਾਪ ਕੇ ਪਿੰਡੋਂ ਬਾਹਰ ਨਿਕਲ ਰਹੀਆਂ ਹੋਣ ਤਾਂ ਫਿਰ ਭਲਾ ਉਸਦੇ ਧਰਮੀ ਬੇਟੇ ਨੂੰ ਕੇਹੜੀ ਸ਼ਕਤੀ ਰੋਕਣ ਵਾਲੀ ਸੀ? ਆਪ ਆਪਣੀ ਧਰਮ ਪਤਨੀ ਦੇ ਮੋਹ-ਪਿਆਰ ਆਪਣੀ ਜਵਾਨੀ ਦੇ ਜਜ਼ਬਿਆਂ ਅਤੇ ਉਮੰਗਾਂ ਦੀ ਕੋਈ ਪਰਵਾਹ ਨ ਕਰਦਿਆਂ ਹੋਇਆਂ ਬੜੀ ਦਲੇਰੀ ਨਾਲ ਸ਼ਹੀਦੀ ਜੰਝ ਨਾਲ ਤੁਰ ਪਏ।
ਸ੍ਰੀ ਜਨਮ ਸਥਾਨ ਦੇ ਅੰਦਰ ਜਦ ਜ਼ਾਲਮ ਮਹੰਤ ਵੱਲੋਂ ਭਾੜੇ ਦੇ ਚਾਟੜਿਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ, ਤਾਂ ਆਪ ਦੇ ਚਿਹਰੇ ਤੇ ਸੂਰਬੀਰਤਾ ਦਾ ਜਲਾਲ ਪ੍ਰਗਟ ਹੋ ਰਿਹਾ ਸੀ। ਆਪ ਦਾ ਹੌਂਸਲਾ ਦੁੱਗਣਾ ਹੋ ਗਿਆ ਤੇ ਚਾਈ-ਚਾਈ ਉੱਚੀ ਆਵਾਜ਼ ਨਾਲ ਆਖਿਆ ਕਿ ਜੇ ਗੁਰੂ ਦੇ ਦੁਆਰੇ ਸ਼ਹੀਦੀ ਮਿਲੇ ਤਾਂ ਇਸ ਨਾਲੋਂ ਵੱਧ ਕੇ ਹੋਰ ਮੇਰੇ ਕੀ ਪੂਰਨ ਭਾਗ ਹੋ ਸਕਦੇ ਹਨ ! ਆਪ ਨੂੰ ਸਖ਼ਤ ਬੇਦਰਦੀ ਨਾਲ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਸ਼ਹੀਦ ਕੀਤਾ ਗਿਆ। ਆਪ ਨੇ ਛਾਤੀ ਤਾਣ ਕੇ ਗੋਲੀਆਂ ਤੇ ਵਾਰ ਸਹਾਰੇ। ਜ਼ਾਲਮਾਂ ਜਿਹੜੀਆਂ ਦੋ ਦੇਹਾਂ ਅੱਗ ਦੀ ਭੇਟਾ ਨਹੀਂ ਕੀਤੀਆਂ ਸਨ, ਉਹਨਾਂ ਵਿੱਚੋਂ ਇੱਕ ਆਪਦਾ ਸਰੀਰ ਸੀ।
ਆਪ ਨੇ ਆਪਣੇ ਧਰਮ ਪਿਤਾ ਦਾ ਅੰਤਮ ਦਮ ਤੱਕ ਪੂਰਾ ਪੂਰਾ ਸਾਥ ਨਿਭਾਇਆ ਅਤੇ ਇਸ ਖਾਤਰ ਆਪਣੀ ਪਤਨੀ ਸੰਗ ਸੁਹਾਗ ਬਿਤਾਉਣ ਦਾ ਰਤਾ ਵੀ ਖਿਆਲ ਨਾ ਕੀਤਾ ਅਤੇ ਦੁਨੀਆਂ ਉਤੋਂ ਇਹ ਇੱਕ ਅਦੁਤੀ ਮਿਸਾਲ ਕਾਇਮ ਕਰ ਦਿੱਤੀ ਕਿ ਗੁਰੂ ਦਾ ਸਿੱਖ ਧਰਮ ਖਾਤਰ ਸ਼ਹੀਦ ਹੋਣ ਲੱਗਿਆਂ ਦੁਨੀਆਂ ਦੇ ਕਿਸੇ ਮੋਹ-ਪਿਆਰ ਦੀ ਕੋਈ ਪਰਵਾਹ ਨਹੀਂ ਕਰਦਾ ਹੈ । ਖੁਸ਼ੀਆਂ ਅਤੇ ਆਨੰਦ ਹੁਲਾਸ ਦੇਣ ਵਾਲੀ ਪਤਨੀ ਹੱਥੋਂ ਆਪਣਾ ਲੜ ਛੁਡਾ ਕੇ ਮੌਤ ਦੀ ਲਾੜੀ ਨੂੰ ਪੱਲਾ ਫੜਾਉਣਾਂ ਵਧੇਰੇ ਫ਼ਖ਼ਰ ਨਾਲ ਪਸੰਦ ਕਰਦਾ ਹੈ ਅਤੇ ਸ਼ਹਾਦਤ ਦਾ ਜਾਮ ਪੀ ਕੇ ਆਪਣੇ ਨਾਮ ਨੂੰ ਸਦਾ ਲਈ ਅਟੱਲ ਕਰ ਜਾਂਦਾ ਹੈ।
🙏ਭਾਈ ਆਤਮਾ ਸਿੰਘ ਜੀ
ਭਾਈ ਆਤਮਾ ਸਿੰਘ ਜੀ ਦਾ ਜਨਮ ਭਾਈ ਹੀਰਾ ਸਿੰਘ ਮਜ਼੍ਹਬੀ ਦੇ ਘਰ ਮੁਸਤਰਾਪੁਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਸੰਮਤ 1938 ਬਿਕ੍ਰਮੀ ਨੂੰ ਹੋਇਆ। ਨਿੱਕੇ ਹੁੰਦੇ ਡੰਗਰ ਵੱਛਾ ਚਾਰਦੇ ਰਹੇ। ਵੱਡੇ ਹੋ ਕੇ ਆਥੜੀਆਂ ਦਾ ਕੰਮ ਅਰੰਭ ਦਿੱਤਾ। ਜਵਾਨ ਹੋਏ ਤਾਂ ਧਾਰੋਵਾਲੀ ਆ ਗਏ। ਇਥੇ ਭਾਈ ਲਛਮਣ ਸਿੰਘ ਹੋਰਾਂ ਨਾਲ ਸੰਗਤ ਹੋ ਗਈ। ਮਾਮੂਲੀ ਗੁਰਮੁਖੀ ਪੜ੍ਹ ਕੇ ਅੰਮ੍ਰਿਤ ਛੱਕ ਲਿਆ ਅਤੇ ਗੁਰਬਾਣੀ ਕੰਠ ਕਰ ਲਈ ਇਥੇ ਆ ਕੇ ਹੀ ਆਪ ਦੀ ਸ਼ਾਦੀ ਭਾਈ ਦੇਵੀਏ ਦੀ ਪੁੱਤਰੀ ਬੀਬੀ ਬਿਸ਼ਨ ਕੌਰ ਨਾਲ ਭੁੱਲਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋ ਗਈ । ਆਪ ਦੇ ਘਰ ਪੰਜਾਂ ਬੱਚਿਆਂ ਦਾ ਜਨਮ ਹੋਇਆ 1.ਭਾਈ ਲਛਮਣ ਸਿੰਘ 2.ਭਾਈ ਮੰਗਲ ਸਿੰਘ 3.ਭਾਈ ਪ੍ਰੇਮ ਸਿੰਘ 4.ਬੀਬੀ ਈਸ਼ਰ ਕੌਰ ਤੇ 5.ਬੀਬੀ ਇੱਛਰ ਕੌਰ ਜੀ।
ਆਪ ਦਾ ਸੁਭਾਅ ਬੜਾ ਧੀਰਾ ਤੇ ਮਿੱਠਾ ਸੀ। ਕਦ ਪੰਜ ਫੁੱਟ ਅੱਠ ਇੰਚ ਸੀ। ਆਪ ਸੰਨ 1914 ਈਸਵੀ ਵਿੱਚ ਭਰ ਜਵਾਨੀ ਸਮੇਂ ਪਲਟਨ ਨੰਬਰ 32 /2 ਵਿੱਚ ਭਰਤੀ ਹੋ ਗਏ। ਪੰਜ ਸਾਲ ਨੌਕਰੀ ਕਰਕੇ ਸੰਨ 1918 ਈਸਵੀ ਵਿੱਚ ਇਨਾਮ ਲੈ ਕੇ ਘਰ ਨੂੰ ਆ ਗਏ। ਪਿੰਡ ਆ ਕੇ ਵਧੇਰੇ ਮੇਲ-ਗੇਲ ਭਾਈ ਲਛਮਣ ਸਿੰਘ ਹੋਰਾਂ ਨਾਲ ਰੱਖਣਾ। ਗੁਰਦੁਆਰਾ ਲਹਿਰ ਚੱਲੀ, ਆਪ ਕੁੱਦ-ਕੁੱਦ ਕੇ ਕੁਰਬਾਨੀ ਲਈ ਸਭ ਤੋਂ ਮੋਹਰੇ ਹੋ ਕੇ ਦੁੜੰਗੇ ਤੇ ਕੁਦਾੜੇ ਮਾਰਦੇ ਜਾਇਆ ਕਰਦੇ ਸਨ। ਗੁਰਦੁਆਰਾ ਖਰੇ ਸੌਦੇ ਦੇ ਕਬਜ਼ੇ ਸਮੇਂ ਵੀ ਆਪ ਜਥੇ ਦੇ ਨਾਲ ਹੀ ਸਨ।1,2, ਅਤੇ 3, ਅਕਤੂਬਰ ਸੰਨ 1920 ਈਸਵੀ ਨੂੰ ਜੋ ਧਾਰੋਵਾਲੀ ਪੋਲੀਟੀਕਲ ਜਲਸਾ ਹੋਇਆ ਸੀ ਉਸ ਦੇ ਲੰਗਰ ਦੀ ਰਾਤ-ਦਿਨ ਇਕ ਕਰਕੇ ਬੜੀ ਭਾਰੀ ਸੇਵਾ ਕੀਤੀ । ਜਿਸ ਦਿਨ ਧਾਰੋਵਾਲੀ ਤੋਂ ਜਥਾ ਤੁਰਨ ਲੱਗਾ ਤਾਂ ਆਪ ਭੀ ਇਸ ਵਿੱਚ ਸ਼ਾਮਲ ਹੋ ਗਏ। ਸ੍ਰੀ ਜਨਮ ਸਥਾਨ ਦੇ ਅੰਦਰ ਜਦ ਦੁਸ਼ਮਣਾਂ ਨੇ ਮੀਂਹ ਵਾਂਗ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕੀਤੀਆਂ ਤਾਂ ਆਪ ਛਾਤੀ 'ਤੇ ਹੱਥ ਮਾਰ ਕੇ ਬਾਰਾਂਦਰੀ ਵਿੱਚੋਂ ਬਾਹਰ ਨਿਕਲ ਆਏ ਤੇ ਦਲੇਰ ਮਰਦਾਂ ਵਾਂਗ ਆਪਣੀ ਛਾਤੀ ਨੂੰ ਢਾਲ ਬਣਾ ਕੇ ਜ਼ਾਲਮਾਂ ਦੀਆਂ ਜ਼ੁਲਮੀ ਗੋਲੀਆਂ ਨੂੰ ਸਹਾਰਿਆ ।ਭਾਈ ਹਜ਼ਾਰਾ ਸਿੰਘ ਜੀ ਚੱਕ ਨੰਬਰ 64 ਬੰਡਾਲਾ ਤੇ ਭਾਈ ਮੰਗਲ ਸਿੰਘ ਕ੍ਰਿਪਾਨ ਬਹਾਦਰ ਧਾਰੋਵਾਲੀ ਨਾਲ ਆਪ ਦਾ ਤੀਜਾ ਸਰੀਰ ਵੀ ਅਗਨ ਭੇਟ ਨਹੀਂ ਹੋਇਆ ਸੀ। ਆਪ ਦੀ ਸੱਜੀ ਅੱਖ ਵਿੱਚ ਗੋਲੀ ਲੱਗ ਕੇ ਗਿੱਚੀ ਵਿੱਚ ਜਾ ਨਿਕਲੀ ਸੀ ।ਦੂਜੀ ਗੋਲੀ ਖੱਬੇ ਮੱਮੇ ਦੇ ਹੇਠ ਲੱਗ ਕੇ ਪਾਰ ਜਾ ਨਿਕਲੀ ਸੀ। ਇੱਕ ਗੋਲੀ ਛਾਤੀ ਦੇ ਵਿੱਚ ਹੀ ਖੁੱਭੀ ਹੋਈ ਸੀ । ਆਪ ਦਾ ਕਮਰ ਕੱਸਾ ਲੱਗਿਆ ਲਗਾਇਆ ਸੀ, ਪਰ ਕ੍ਰਿਪਾਨ ਵੈਰੀਆਂ ਨੇ ਉਤਾਰ ਲਈ ਸੀ। ਆਪ ਚੌਫਾਲ ਪਏ ਸਨ। ਸੀਸ ਹਰਿਮੰਦਰ ਸਾਹਿਬ ਦੇ ਦੱਖਣ ਵੱਲ ਤੇ ਲੱਤਾਂ ਉੱਤਰ ਵੱਲ ਸਨ। ਚੌਥੇ ਦਿਨ ਜਾਦ ਸਸਕਾਰ ਹੋਇਆ ਤਾਂ ਦੇਹੀ ਬਹੁਤ ਫੁੱਲੀ ਹੋਈ ਸੀ । ਦਰਸ਼ਨ ਕਰਨ ਵਾਲੀਆਂ ਸੰਗਤਾਂ ਦੇ ਹੰਝੂ ਠੱਲ੍ਹੇ ਨਹੀਂ ਰਹਿੰਦੇ ਸਨ।(ਪੰਥ ਅਕਾਲੀ ਤਰਨਾ ਦਲ ਮਿਸਲ ਸ਼ਹੀਦ ਬਾਬਾ ਨਿਬਾਹੂ ਸਿੰਘ ਜੀ ਅੰਸ਼ ਬੰਸ ਸ਼ਹੀਦ ਭਾਈ ਆਤਮਾ ਸਿੰਘ ਸਾਕਾ ਨਨਕਾਣਾ ਸਾਹਿਬ ਮੁੱਖ ਜਥੇਦਾਰ ਬਾਬਾ ਬਲਦੇਵ ਸਿੰਘ ਮੁਸਤਫਾਪੁਰ ਦੱਸਦੇ ਹਨ ਕਿ ਸਾਕਾ ਨਨਕਾਣਾ ਸਾਹਿਬ ਸੰਨ 1921 ਜਥਾ ਭਾਈ ਲਛਮਣ ਸਿੰਘ ਧਾਰੋਵਾਲੀ ਦੇ ਜਥੇ ਵਿੱਚ ਇਕੋ ਪਰਿਵਾਰ ਦੇ ਅੱਠ ਜੀਆ ਸ਼ਹੀਦ ਹੋਏ।
ਸ੍ਰੋਤ ਪੁਸਤਕ: ਸ਼ਹੀਦੀ ਜੀਵਨ 'ਚੋਂ ਧੰਨਵਾਦ ਸਹਿਤ
ਲੇਖਕ: ਗੁਰਬਖਸ਼ ਸਿੰਘ 'ਸ਼ਮਸ਼ੇਰ' ਝੁਬਾਲੀਆ via Kuldeep Singh pandori